Wednesday 17 February 2021

Ten Years of The Lion Of Punjab

 2011 ਚ ਆਈ The Lion Of Punjab ਦੀ ਰੀਲੀਜ ਦੇ ਦੱਸ ਸਾਲ ਹੋ ਗਏ ਨੇ,ਇਹ ਫ਼ਿਲਮ ਹਮੇਸ਼ਾ ਦਿਲਜੀਤ ਦੋਸਾਂਝ ਦੀ ਪਹਿਲੀ ਫ਼ਿਲਮ ਦੇ ਤੌਰ ਤੇ ਜਾਣੀ ਜਾਵੇਗੀ.ਫ਼ਿਲਮ ਦੇ ਨਿਰਮਾਤਾ ਬਲਬੀਰ ਟਾਂਡਾ(ਨਾਰਵੇ ਤੋਂ) ਨਾਲ ਇਸ ਬਾਰੇ ਗੱਲ-ਬਾਤ ਹੋਈ ਕਿ ਇਸ ਫ਼ਿਲਮ ਦੀ ਪਲੈਨਿੰਗ ਕਿਵੇਂ ਹੋਈ.

90 ਦੇ ਦਹਾਕੇ ਦੌਰਾਨ ਵੈਰੀ ਤੇ ਧੀ ਜੱਟ ਦੀ ਤੇ ਹਿੰਦੀ ਫ਼ਿਲਮ ਸਮਗਲਰ ਦਾ ਨਿਰਮਾਣ ਕਰਨ ਤੋਂ ਬਾਅਦ ਬਲਬੀਰ ਟਾਂਡਾ ਕੁੱਝ ਦੇਰ ਤੱਕ ਸਿਨੇਮਾ ਦੀ ਦੁਨੀਆ ਤੋਂ ਦੂਰ ਰਹੇ.ਸਾਲ 2006 ਦੌਰਾਨ ਉਨਾਂ ਨੇ ਇੰਦਰਜੀਤ ਹਸਨਪੁਰੀ ਨਾਲ ਫ਼ਿਲਮ ਬਣਾਉਣ ਦੀ ਗੱਲ ਕੀਤੀ,ਪਰ ਹਸਨਪੁਰੀ ਦੇ ਦਿਹਾਂਤ ਕਰਕੇ ਉਹ ਫ਼ਿਲਮ ਸ਼ੁਰੂ ਨਾ ਹੋ ਸਕੀ,ਉਸ ਤੋਂ ਬਾਅਦ ਚਿਤਾਰਥ ਨਾਲ ਵੀ ਫ਼ਿਲਮ ਬਾਰੇ ਗੱਲ ਚੱਲੀ,ਪਰ ਕਿਸੇ ਕਾਰਨ ਗੱਲ ਨਾ ਬਣੀ.
ਆਖਿਰ ਗੁੱਡੂ ਧਨੋਆ ਨਾਲ ਮੁਲਾਕਾਤ ਤੋਂ ਬਾਅਦ ਫ਼ਿਲਮ ਬਣਾਉਣ ਦੀ ਤਿਆਰੀ ਸ਼ੁਰੂ ਹੋਈ,ਗੁੱਡੂ ਕੋਲ ਇੱਕ ਵਿਸ਼ਾ ਸੀ ਜੋ ਉਹ ਹਿੰਦੀ ਚ ਸੰਨੀ ਦਿਓਲ ਨਾਲ ਬਣਾਉਣਾ ਚਾਹੁੰਦੇ ਸੀ,ਉਹ ਵਿਸ਼ਾ ਹਿੰਦੀ ਚ ਤਾਂ ਨਹੀਂ ਪੰਜਾਬੀ ਚ ਨੇਪਰੇ ਚੜਿਆ. ਪਹਿਲਾ ਸ਼ੁਰੂ ਹੋਈ ਹੀਰੋ ਦੀ ਤਲਾਸ਼,ਗੁੱਡ ਸੋਨੂੰ ਸੂਦ ਨੂੰ ਲੈਣਾ ਚਾਹੁੰਦੇ ਸੀ,ਪਰ ਉਸਦੇ ਮਸ਼ਰੂਫ ਹੋਣ ਕਰਕੇ ਉਹ ਫ਼ਿਲਮ ਨਾ ਕਰ ਸਕਿਆ.ਫਿਰ ਬਲਬੀਰ ਟਾਂਡਾ ਹੋਰਾਂ ਨੇ ਕਮਲਹੀਰ(ਗਾਇਕ) ਤੱਕ ਪਹੁੰਚ ਕੀਤੀ,ਪਰ ਉਹ ਐਕਟਿੰਗ ਕੈਰਿਅਰ ਨੂੰ ਲੈਕੇ ਦੋਚਿੱਤੀ ਚ ਸੀ,ਮੰਗੀ ਮਾਹਲ ਦਾ ਨਾਮ ਵੀ ਸੁਝਾਇਆ ਗਿਆ,ਪਰ ਦਿਲਜੀਤ ਦੋਸਾਂਝ ਦੇ ਆਉਣ ਨਾਲ ਫ਼ਿਲਮ ਨੂੰ ਆਪਣਾ The Lion Of Punjab ਮਿਲ ਗਿਆ.
ਫ਼ਿਲਮ ਸ਼ੁਰੂ ਹੋਈ,ਪਰ ਨਾਲ ਹੀ ਕੁੱਝ ਪਰੇਸ਼ਾਨੀਆਂ 
ਦੀਵਿਆ ਦੱਤਾ ਨੇ ਕੁੱਝ ਦਿਨ ਫ਼ਿਲਮ ਕਰਕੇ ਬਿਨਾ ਕਿਸੇ ਕਾਰਨ ਦੱਸੇ ਫ਼ਿਲਮ ਛੱਡ ਦਿੱਤੀ,ਉਸਦੀ ਜਗਹ ਤੇ ਜੀਵਿਧਾ ਸ਼ਰਮਾ ਨੂੰ ਲਿਆ ਗਿਆ,ਫਿਰ ਸਭ ਕੁੱਝ ਠੀਕ-ਠਾਕ ਚੱਲਦਾ ਰਿਹਾ ਤੇ ਇਸ ਦੌਰਾਨ ਬਲਬੀਰ ਟਾਂਡਾ ਹੋਰਾਂ ਨੂੰ ਨਾਰਵੇ ਵਾਪਿਸ ਜਾਣਾ ਪਿਆ.ਪਿੱਛੇ ਪੰਜਾਬੀ ਮੀਡੀਆ ਦਾ ਇੱਕ ਹਿੱਸਾ ਇਹ ਅਫ਼ਵਾਹ ਫੈਲਾ ਰਿਹਾ ਸੀ ਕਿ ਫ਼ਿਲਮ ਬੰਦ ਹੋ ਗਈ,ਟਾਂਡਾ ਜਲਦ ਹੀ ਭਾਰਤ ਵਾਪਿਸ ਆਏ ਤੇ ਫ਼ਿਲਮ ਦੀ ਸ਼ੂਟਿੰਗ ਮੁੜ ਸ਼ੁਰੂ ਹੋਈ ਤੇ ਇਸ ਵਾਰ ਚ ਫ਼ਿਲਮ ਦੀ ਪੂਰੀ ਸ਼ੂਟਿੰਗ ਕਰ ਲਈ ਗਈ.

ਫ਼ਰਵਰੀ ਦੇ ਪਿਆਰ ਵਾਲੇ ਮਹੀਨੇ ਚ ਸਾਲ 2011 ਚ The Lion Of Punjab ਸਿਨਮਿਆਂ ਚ ਚੰਗੀ ਓਪਨਿੰਗ ਨਾਲ ਲੱਗੀ.ਅੱਜ ਦਿਲਜੀਤ ਤੇ ਕੰਗਨਾ ਵਿਚਾਲੇ ਟਵਿੱਟਰ ਤੇ ਲੜਾਈ ਸਭ ਨੇ ਦੇਖੀ ਹੈ,ਬਹੁਤ ਘੱਟ ਲੋਕਾਂ ਨੂੰ ਯਾਦ ਹੋਵੇਗਾ ਕਿ ਕੰਗਨਾ ਰਨੌਤ ਦੀ Tanu Weds Manu ਵੀ The Lion Of Punjab ਦੇ ਨਾਲ ਰੀਲੀਜ ਹੋਈ ਸੀ ਤੇ ਪੰਜਾਬ ਚ Tanu Weds Manu ਦੀ ਸ਼ੁਰੂਆਤ ਔਸਤ ਸੀ,ਜਦਕਿ The Lion Of Punjab ਨੂੰ ਚੰਗੀ ਓਪਨਿੰਗ ਲੱਗੀ.The Lion Of Punjab ਵੱਡੀ ਹਿੱਟ ਤਾਂ ਨਹੀਂ,ਪਰ ਕਾਮਯਾਬ ਫ਼ਿਲਮ ਜ਼ਰੂਰ ਰਹੀ.
ਬਲਬੀਰ ਟਾਂਡਾ ਦੀ ਇਹ ਫ਼ਿਲਮ ਦਿਲਜੀਤ ਦੋਸਾਂਝ ਜਿਹੇ ਸੁਪਰਸਟਾਰ ਪੰਜਾਬੀ ਸਿਨੇਮਾ ਨੂੰ ਦੇਣ ਲਈ ਹਮੇਸ਼ਾ ਯਾਦ ਕੀਤੀ ਜਾਵੇਗੀ.